Description
ਅਹਿਮਦ ਸ਼ਾਹ ਅਬਦਾਲੀ (1722-1772) ਨਾਦਰ ਸ਼ਾਹ ਦੇ ਕਤਲ ਤੋਂ ਬਾਅਦ 1747 ਵਿਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। ਉਸ ਨੇ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉਪਰ 12 ਹਮਲੇ ਕੀਤੇ ਤੇ ਇਥੋਂ ਦੀ ਧਨ-ਦੌਲਤ ਤੇ ਅਸਮਤ ਨੂੰ ਖੂਬ ਲੁੱਟਿਆ। ਅਬਦਾਲੀ ਨੇ ਹਿੰਦੁਸਤਾਨ ਨੂੰ ਰਾਜਨੀਤਕ ਤੌਰ ’ਤੇ ਆਪਣਾ ਦਬੇਲ ਬਣਾਉਣ ਦਾ ਸਿਰਤੋੜ ਯਤਨ ਕੀਤਾ, ਪਰ ਗੁਰੂ ਕੇ ਦੂਲੇ ਸ਼ੇਰਾਂ ਨੇ ਉਸ ਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ। ਉਹ ਜਦੋਂ ਵੀ ਆਪਣੇ ਲਾਓ-ਲਸ਼ਕਰ ਨਾਲ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਪਰਤਦਾ ਤਾਂ ਸਿੰਘ ਗੁਰੀਲਾ ਯੁੱਧ ਨੀਤੀ ਤਹਿਤ ਅੱਧੀ ਰਾਤ ਨੂੰ ਉਸ ਦੇ ਮੁਕਾਮੀ ਕੈਂਪਾਂ ’ਤੇ ਹਮਲਾ ਕਰ ਕੇ ਧਨ-ਪਦਾਰਥ, ਮਾਲ-ਅਸਬਾਬ, ਅਸਤਰ-ਸ਼ਾਸਤਰ ਤੇ ਘੋੜੇ ਆਦਿ ਲੁੱਟ ਲਿਜਾਂਦੇ। ਇਸ ਵਿਰੋਧ ਤੋਂ ਖੁਫਾ ਹੋ ਕੇ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਤੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਵੀ ਬੇਹੁਰਮਤੀ ਕੀਤੀ। ਫਿਰ ਛੇਵੇਂ ਹੱਲੇ ਦੌਰਾਨ 1762 ਵਿਚ ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਸਿੱਖ ਦਲਾਂ ਨੂੰ ਪਰਿਵਾਰ ਸਮੇਤ ਕੁੱਪ ਰਹੀੜੇ ਦੇ ਮੈਦਾਨ ਵਿਚ ਘੇਰ ਕੇ ਤਕਰੀਬਨ 25 ਹਜ਼ਾਰ ਸਿੰਘ ਸ਼ਹੀਦ ਕਰ ਦਿੱਤੇ। ਇਸ ਸਾਕੇ ਨੂੰ ਸਿੱਖ ਇਤਿਹਾਸ ਵਿਚ ‘ਵੱਡਾ ਘੱਲੂਘਾਰਾ’ ਕਿਹਾ ਜਾਂਦਾ ਹੈ। ਇਸ ਸਾਕੇ ਨੇ ਸਿੰਘਾਂ ਵਿਚ ਐਸੀ ਸ਼ਕਤੀ ਪੈਦਾ ਕਰ ਦਿੱਤੀ ਕਿ ਉਸੇ ਸਾਲ ਹੀ ਦੀਵਾਲੀ ਮੌਕੇ ਉਨ੍ਹਾਂ ਨੇ ਅਬਦਾਲੀ ਨੂੰ ਇਕ ਲੱਕ-ਤੋੜਵੀਂ ਹਾਰ ਦਿੱਤੀ ਤੇ ਉਸ ਦਾ ਡਰ ਤੇ ਰੋਹਬ ਹਿੰਦੁਸਤਾਨੀਆਂ ਦੇ ਦਿਲਾਂ ਵਿਚੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਮੁੱਢਲੇ ਫਾਰਸੀ ਤੇ ਗੁਰਮੁਖੀ ਸਰੋਤਾਂ ਦੇ ਆਧਾਰ ’ਤੇ ਲਿਖੀ ਇਹ ਪੁਸਤਕ ਸਿੱਖ ਇਤਿਹਾਸ ਦੇ ਲਹੂ-ਭਿੱਜੇ ਅਧਿਆਇ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਕ ਚੜ੍ਹਦੀ ਕਲਾ ਵਾਲੇ ਪੰਥਕ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤੇ ਉਚੇਰੇ ਪੰਥਕ ਜਜ਼ਬਾਤ ਪਾਠਕ ਦੇ ਅੰਗ-ਸੰਗ ਹੋ ਜਾਂਦੇ ਹਨ।
Reviews
There are no reviews yet.